ਇੰਡੀਆ ਵੱਲੋ ਜਾਂਚ ਵਿਚ ਸਾਮਿਲ ਹੋਣ ਤੋ ਬਿਨ੍ਹਾਂ ਕੈਨੇਡਾ ਤੋ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਸਬੂਤ ਮੰਗਣਾ, ਗੁੰਮਰਾਹ
ਅੰਮ੍ਰਿਤਸਰ: “ਜਦੋਂ ਕੁਝ ਸਮਾਂ ਪਹਿਲੇ ਕੈਨੇਡਾ ਦੇ ਵਜੀਰ ਏ ਆਜਮ ਮਿਸਟਰ ਜਸਟਿਨ ਟਰੂਡੋ ਵੱਲੋ ਆਪਣੀ ਪਾਰਲੀਮੈਟ ਵਿਚ ਵੱਡੀ ਜਿੰਮੇਵਾਰੀ ਨਾਲ ਇਹ ਬਿਆਨ ਦਿੱਤਾ ਗਿਆ ਸੀ ਕਿ ਭਾਈ ਹਰਦੀਪ ਸਿੰਘ ਨਿੱਝਰ ਸਿੱਖ ਨੌਜਵਾਨ ਜੋ ਕੈਨੇਡੀਅਨ ਨਾਗਰਿਕ ਸੀ, ਉਸਨੂੰ ਇੰਡੀਆ ਦੀਆਂ ਖੂਫੀਆ ਏਜੰਸੀਆ ਆਈ.ਬੀ, ਰਾਅ, ਸੁਰੱਖਿਆ ਸਲਾਹਕਾਰ ਇੰਡੀਆ, ਹਾਈਕਮਿਸਨਰ ਕੈਨੇਡਾ ਤੇ ਹੁਕਮਰਾਨਾਂ ਦੀ ਸਾਂਝੀ ਸਾਜਿਸ ਨੂੰ ਅਮਲੀ ਰੂਪ ਦਿੰਦੇ ਹੋਏ ਕਤਲ ਕੀਤਾ ਗਿਆ ਹੈ, ਜਿਸਦੇ ਉਨ੍ਹਾਂ ਕੋਲ ਪੁਖਤਾ ਸਬੂਤ ਹਨ । ਇਸ ਲਈ ਇੰਡੀਆ ਨੂੰ ਸਾਡੇ ਵੱਲੋ ਉਪਰੋਕਤ ਗੰਭੀਰ ਵਿਸੇ ਉਤੇ ਕੀਤੀ ਜਾ ਰਹੀ ਕੌਮਾਂਤਰੀ ਪੱਧਰ ਦੀ ਨਿਰਪੱਖ ਜਾਂਚ ਵਿਚ ਸਾਮਿਲ ਹੋ ਕੇ ਇਸ ਸੱਚ ਨੂੰ ਦੁਨੀਆ ਸਾਹਮਣੇ ਲਿਆਉਣ ਲਈ ਸਹਿਯੋਗ ਕਰਨਾ ਬਣਦਾ ਹੈ ਅਤੇ ਇੰਡੀਆ ਇਸ ਜਾਂਚ ਵਿਚ ਬਿਨ੍ਹਾ ਜਿਝਕ ਕੈਨੇਡਾ ਨੂੰ ਸਹਿਯੋਗ ਕਰੇ । ਪਰ ਇੰਡੀਅਨ ਹੁਕਮਰਾਨਾਂ, ਕੈਨੇਡਾ ਸਥਿਤ ਇੰਡੀਅਨ ਹਾਈਕਮਿਸਨਰ ਅਤੇ ਦੋਸ਼ ਲੱਗੀਆ ਇੰਡੀਅਨ ਏਜੰਸੀਆ ਵੱਲੋ ਕੈਨੇਡਾ ਨੂੰ ਸਹਿਯੋਗ ਕਰਨ ਦੀ ਬਜਾਇ ਕੌਮਾਂਤਰੀ ਪੱਧਰ ਤੇ ਇਹ ਮੰਗ ਕਰਨਾ ਕਿ ਕੈਨੇਡਾ ਇਸ ਹੋਏ ਕਤਲ ਵਿਚ ਸਬੂਤ ਪੇਸ ਕਰੇ, ਇਹ ਤਾਂ ‘ਨਾਲੇ ਚੋਰ, ਨਾਲੇ ਚਤਰਾਈਆ’ ਦੀ ਪੰਜਾਬੀ ਕਹਾਵਤ ਨੂੰ ਪ੍ਰਤੱਖ ਕਰਦਾ ਹੈ । ਕਦੀ ਇਹ ਵੀ ਹੋਇਆ ਹੈ ਕਿ ਕਤਲ ਕਰਨ ਵਾਲਾ ਜਾਂ ਕੌਮਾਂਤਰੀ ਪੱਧਰ ਦਾ ਕੋਈ ਅਪਰਾਧ ਕਰਨ ਵਾਲਾ ਜਾਂਚ ਕਰਨ ਵਾਲੀ ਅਦਾਲਤ ਜਾਂ ਏਜੰਸੀ ਨੂੰ ਇਹ ਕਹਿ ਕਿ ਉਹ ਉਸ ਵਿਰੁੱਧ ਪੇਸ ਕਰੇ । ਇੰਡੀਆ ਦੀ ਇਹ ਕਾਰਵਾਈ ਤਾਂ ਸੰਸਾਰ ਪੱਧਰ ਦੇ ਨਿਵਾਸੀਆ ਨੂੰ ਉਪਰੋਕਤ ਕਤਲ ਦੇ ਸੱਚ ਨੂੰ ਸਾਹਮਣੇ ਲਿਆਉਣ ਤੋ ਰੋਕਣ ਲਈ ਇਕ ਗੁੰਮਰਾਹਕੁੰਨ ਸਾਜਸੀ ਵਰਤਾਰਾ ਹੈ । ਜੇਕਰ ਇੰਡੀਆ ਜਾਂ ਉਸਦੀਆਂ ਏਜੰਸੀਆ ਨੇ ਇਹ ਘਿਣੋਨਾ ਤੇ ਇਨਸਾਨੀਅਤ ਵਿਰੋਧੀ ਅਮਲ ਨਾ ਕੀਤਾ, ਫਿਰ ਉਸਨੂੰ ਇਨਸਾਫ਼ ਦੇ ਤਕਾਜੇ ਅਨੁਸਾਰ ਜਾਂਚ ਵਿਚ ਸਾਮਿਲ ਹੋਣ ਤੋ ਕਿਉਂ ਇਨਕਾਰ ਕੀਤਾ ਜਾ ਰਿਹਾ ਹੈ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਕੌਮਾਂਤਰੀ ਪੱਧਰ ਦੀ ਦੋਸ਼ਣ ਇੰਡੀਅਨ ਸਰਕਾਰ, ਉਸਦੀਆਂ ਖੂਫੀਆ ਏਜੰਸੀਆ ਅਤੇ ਕੈਨੇਡਾ ਸਥਿਤ ਇੰਡੀਆ ਦੇ ਹਾਈਕਮਿਸਨਰ ਅਤੇ ਇੰਡੀਆ ਦੇ ਵਿਦੇਸ਼ੀ ਵਿਭਾਗ ਵੱਲੋ ਘਸੀਆ ਪਿੱਟੀਆ ਦਲੀਲਾਂ ਦਾ ਸਹਾਰਾ ਲੈਕੇ ਆਪਣੇ ਉਤੇ ਲੱਗੇ ਵੱਡੇ ਦੋਸ ਤੋ ਭੱਜਣ ਤੇ ਸੰਸਾਰ ਨਿਵਾਸੀਆ ਨੂੰ ਗੁੰਮਰਾਹ ਕਰਨ ਦੀ ਅਸਫਲ ਕੋਸਿ਼ਸ਼ ਕਰਾਰ ਦਿੰਦੇ ਹੋਏ ਅਤੇ ਬਿਨ੍ਹਾਂ ਵਜਹ ਕੈਨੇਡਾ ਹਕੂਮਤ, ਕੈਨੇਡਾ ਦੇ ਵਜੀਰ ਏ ਆਜਮ ਸ੍ਰੀ ਜਸਟਿਨ ਟਰੂਡੋ ਉਤੇ ਬਿਆਨਬਾਜੀ ਰਾਹੀ ਹਮਲੇ ਕਰਨ ਦੀ ਖੇਡ ਨੂੰ ਉਸੇ ਤਰ੍ਹਾਂ ਕਰਾਰ ਦਿੱਤਾ ਕਿ ਜਿਵੇ ਇਕ ਜੁਆਰੀਏ ਨੂੰ ਆਪਣੀ ਖੇਡ ਹਾਰਦੀ ਜਾਪਦੀ ਹੈ ਤਾਂ ਉਹ ਗੀਟੀਆ ਖਿਲਾਰ ਦੇਣ ਦਾ ‘ਸਪੋਰਟਸਮੈਨਸਿਪ’ ਦੇ ਅਸੂਲਾਂ ਦਾ ਘਾਣ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਭਾਈ ਹਰਦੀਪ ਸਿੰਘ ਨਿੱਝਰ ਉਤੇ 2020 ਤੱਕ ਕੋਈ ਕੇਸ ਜਾਂ ਕਾਨੂੰਨੀ ਦੋਸ ਨਹੀ ਸੀ । ਲੇਕਿਨ ਜਦੋ ਉਹ 2020 ਵਿਚ ਕੈਨੇਡੀਅਨ ਨਾਗਰਿਕ ਬਣ ਗਿਆ ਤਾਂ ਮੰਦਭਾਵਨਾ ਅਧੀਨ ਇੰਡੀਅਨ ਹੁਕਮਰਾਨਾਂ ਤੇ ਏਜੰਸੀਆ ਨੇ ਉਸਨੂੰ ਇਕ ਗੁੱਝੇ ਮਕਸਦ ਅਧੀਨ ਅੱਤਵਾਦੀ ਐਲਾਨ ਦਿੱਤਾ । ਜਦੋ ਤੱਕ ਕੋਈ ਇਨਸਾਨ ਕਾਨੂੰਨੀ ਪ੍ਰਕਿਰਿਆ ਵਿਚੋ ਗੁਜਰਕੇ ਅਦਾਲਤ ਰਾਹੀ ਅਪਰਾਧੀ ਜਾਂ ਅੱਤਵਾਦੀ ਕਰਾਰ ਨਹੀ ਦਿੱਤਾ ਜਾਂਦਾ, ਉਦੋ ਤੱਕ ਇੰਡੀਅਨ ਹੁਕਮਰਾਨ ਜਾਂ ਕੋਈ ਹੋਰ ਸਰਕਾਰ ਕਿਸੇ ਇਨਸਾਨ ਨੂੰ ਕਿਵੇ ਅੱਤਵਾਦੀ ਐਲਾਨ ਸਕਦੀ ਹੈ ? ਸਰਕਾਰ ਦੇ ਬਿਆਨ ਜਾਂ ਪ੍ਰਚਾਰ ਨਾਲ ਹੀ ਕਿਸੇ ਨੂੰ ਅੱਤਵਾਦੀ ਥੋੜਾ ਪ੍ਰਵਾਨ ਕੀਤਾ ਜਾ ਸਕਦਾ ਹੈ । ਇਹ ਤਾਂ ਹਿੰਦੂਤਵ ਸ਼ਕਤੀਆ ਦਾ ਸਿੱਖ ਕੌਮ ਨੂੰ ਨਿਸਾਨਾਂ ਬਣਾਉਣ ਅਤੇ ਬਦਨਾਮ ਕਰਨ ਲਈ ਸਾਜਸੀ ਰੂਪ ਵਿਚ ਘੜਿਆ-ਘੜਾਇਆ ਇਕ ਸ਼ਬਦ ਹੈ ਜਿਸਨੂੰ ਹੁਕਮਰਾਨ ਜਦੋ ਚਾਹੁੰਣ ਕਿਸੇ ਵੀ ਸਿੱਖ ਵਿਰੁੱਧ ਝੂਠਾਂ ਕੇਸ ਦਰਜ ਕਰਕੇ ਉਸ ਉਤੇ ਜ਼ਬਰ ਜੁਲਮ ਸੁਰੂ ਕਰ ਦੇਣ । ਅਜਿਹਾ ਕੌਮਾਂਤਰੀ ਕਾਨੂੰਨ ਜਾਂ ਇੰਡੀਅਨ ਕਾਨੂੰਨ ਹਰਗਿਜ ਇਜਾਜਤ ਨਹੀ ਦਿੰਦਾ ਕਿਉਂਕਿ ਵਿਧਾਨ ਦੀ ਧਾਰਾ 21 ਹਰ ਇੰਡੀਅਨ ਨਿਵਾਸੀ ਤੇ ਨਾਗਰਿਕ ਨੂੰ ਜਿੰਦਗੀ ਜਿਊਣ ਦੇ ਹੱਕ ਦੀ ਰੱਖਿਆ ਕਰਦੀ ਹੈ ।
ਫਿਰ ਭਾਈ ਹਰਦੀਪ ਸਿੰਘ ਨਿੱਝਰ ਨੂੰ ਹੁਕਮਰਾਨਾਂ ਨੇ ਕਿਸ ਦਲੀਲ ਤੇ ਕਾਨੂੰਨ ਅਨੁਸਾਰ ਅੱਤਵਾਦੀ ਐਲਾਨਿਆ ਤੇ ਫਿਰ ਗੈਰ ਕਾਨੂੰਨੀ ਤੇ ਸਾਜਸੀ ਢੰਗ ਨਾਲ ਆਪਣੀਆ ਖੂਫੀਆ ਏਜੰਸੀਆ ਰਾਹੀ ਉਸਦਾ ਕਤਲ ਕਰਵਾਇਆ । ਇਹ ਸੱਚ ਹਰ ਕੀਮਤ ਤੇ ਦੁਨੀਆ ਸਾਹਮਣੇ ਆਉਣਾ ਚਾਹੀਦਾ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਮਿਸਟਰ ਜਸਟਿਨ ਟਰੂਡੋ ਅਤੇ ਕੈਨੇਡਾ ਹਕੂਮਤ ਦਾ ਧੰਨਵਾਦੀ ਹੈ ਜਿਨ੍ਹਾਂ ਨੇ ਪੁਖਤਾ ਸਬੂਤਾਂ ਰਾਹੀ ਦੁਨੀਆ ਸਾਹਮਣੇ ਭਾਈ ਨਿੱਝਰ ਦੇ ਇੰਡੀਅਨ ਹੁਕਮਰਾਨਾਂ ਵੱਲੋ ਨਿੱਝਰ ਦੇ ਕੀਤੇ ਗਏ ਕਤਲ ਨੂੰ ਸਾਹਮਣੇ ਲਿਆਂਦਾ ਅਤੇ ਇੰਡੀਆ ਦੇ ਕਾਤਲ ਚੇਹਰੇ ਦਾ ਪਰਦਾ ਚੌਰਾਹੇ ਵਿਚ ਲਾਹਿਆ । ਇਥੇ ਇਹ ਵੀ ਵਰਣਨ ਕਰਨਾ ਜਰੂਰੀ ਹੈ ਕਿ ਇਸ ਸੱਚ ਨੂੰ ਉਜਾਗਰ ਕਰਨ ਵਾਲੇ ਉੱਦਮ ਵਿਚ ਅਮਰੀਕਾ ਦੀ ਹਕੂਮਤ ਤੇ ਉਨ੍ਹਾਂ ਦੇ ਐਫ.ਬੀ.ਆਈ ਵਿਭਾਗ ਨੇ ਵੱਡੀ ਮਨੁੱਖਤਾ ਪੱਖੀ ਜਿੰਮੇਵਾਰੀ ਨੂੰ ਪੂਰਨ ਕਰਦੇ ਹੋਏ ਕੈਨੇਡਾ ਸਰਕਾਰ ਨੂੰ ਸਹਿਯੋਗ ਹੀ ਨਹੀ ਕੀਤਾ ਬਲਕਿ ਉਨ੍ਹਾਂ ਵੱਲੋ ਇਸ ਵਿਸੇ ਤੇ ਇਕੱਤਰ ਕੀਤੇ ਗਏ ਪੁਖਤਾ ਸਬੂਤ ਵੀ ਕੈਨੇਡਾ ਨੂੰ ਪ੍ਰਦਾਨ ਕੀਤੇ । ਇਹੀ ਵਜਹ ਹੈ ਕਿ ਅਮਰੀਕਾ ਹੀ ਨਹੀ ਬਲਕਿ ਆਈ-5 ਮੁਲਕ ਜਿਨ੍ਹਾਂ ਵਿਚ ਅਮਰੀਕਾ ਤੇ ਕੈਨੇਡਾ ਤੋ ਇਲਾਵਾ ਆਸਟ੍ਰੇਲੀਆ, ਨਿਊਜੀਲੈਡ ਅਤੇ ਬਰਤਾਨੀਆ ਹਨ । ਇਸ ਵਿਸੇ ਤੇ ਉਹ ਸਭ ਇੰਡੀਆ ਨੂੰ ਇਸ ਜਾਂਚ ਵਿਚ ਸਾਮਿਲ ਹੋਣ ਲਈ ਨਿਰੰਤਰ ਕਹਿ ਰਹੇ ਹਨ ਪਰ ਇੰਡੀਆ ਜੋ ਅਸਲ ਵਿਚ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਦਾ ਵੱਡਾ ਦੋਸ਼ੀ ਹੈ ਉਹ ਇਸ ਜਾਂਚ ਤੋ ਖੁਦ ਹੀ ਭੱਜਕੇ ਪ੍ਰਤੱਖ ਕਰ ਰਿਹਾ ਹੈ ਕਿ ਉਹ ਸਿੱਖ ਕੌਮ ਦਾ ਕਾਤਲ ਹੈ । ਇਹ ਹੋਰ ਵੀ ਦੁੱਖ ਤੇ ਅਫਸੋਸ ਵਾਲੀ ਕਾਰਵਾਈ ਹੈ ਕਿ ਇੰਡੀਆ ਦੇ ਕਈ ਅੰਗਰੇਜੀ ਨਿਊਜ ਪੇਪਰ ਬਿਨ੍ਹਾਂ ਕਿਸੇ ਤੱਥਾਂ ਤੋ ਸਾਡੇ ਬਾਹਰਲੇ ਮੁਲਕਾਂ ਵਿਚ ਵੱਸਣ ਵਾਲੇ ਨਿਰਦੋਸ਼ ਸਿੱਖਾਂ ਨੂੰ ਨਿਰੰਤਰ ‘ਅੱਤਵਾਦੀ’ ਲਿਖਕੇ ਅਤੇ ਉਨ੍ਹਾਂ ਨਾਲੋ ‘ਸਿੰਘ’ ਨਾਮ ਕੱਟਕੇ ਪੀਲੀ ਪੱਤਰਕਾਰੀ ਕਰ ਰਹੇ ਹਨ ਅਤੇ ਸਿੱਖ ਕੌਮ ਨੂੰ ਬਦਨਾਮ ਕਰ ਰਹੇ ਹਨ ਜਿਸ ਤੋ ਸਮੂਹ ਕੌਮਾਂ, ਧਰਮ ਅਤੇ ਮੁਲਕ ਸੁਚੇਤ ਰਹਿਣ ।